Loggo
ਜਿੰਦ ਮੇਰੀਏ...!!
ਜਿਹੜੀ ਮੁਹੱਬਤ ਨੂੰ ਤੂੰ ਫ਼ੂਕ ਮਾਰ ਕੇ
ਦੀਵੇ ਵਾਂਗ ਬੁਝੀ ਸਮਝ ਲਿਆ,
ਉਸ ਮੁਹੱਬਤ ਨੂੰ
ਬੁਝੀ ਸਮਝਣਾ ਤਾਂ ਤੇਰਾ ਇੱਕ, ਬੱਜਰ ਭਰਮ ਸੀ!!
ਉਹ ਮੁਹੱਬਤ ਤਾਂ ਲਟਾ-ਲਟ ਜਗ ਰਹੀ ਹੈ
ਕਿਸੇ ਲਾਟ ਵਾਂਗ
...ਤੇ ਸਦੀਵੀ ਜਗੂਗੀ ਮੇਰੇ ਹਿਰਦੇ ਅੰਦਰ...!
ਫ਼ੂਕਾਂ ਨਾਲ਼ ਵੀ ਕਦੇ
ਪਾਕ-ਪਵਿੱਤਰ ਤੇ ਸੱਚੀ-ਸੁੱਚੀ ਮੁਹੱਬਤ ਦੇ
ਚਿਰਾਗ ਬੁਝੇ ਨੇ ਜਿੰਦ ਮੇਰੀਏ...?
ਚਾਹੇ ਆਪਣੀ ਮੁਹੱਬਤ ਦੀ ਉਮਰ
ਲੋਹੜੀ ਤੋਂ ਇੱਕ ਦਿਨ ਪਹਿਲਾਂ ਜੰਮੇਂ
ਬਾਲ ਜਿੱਡੀ ਹੀ ਸੀ,
ਪਰ ਮੇਰੀ ਝੋਲ਼ੀ ਬਹੁਤ ਕੁਝ ਪਾਇਆ ਤੂੰ,
ਤੇ ਕਰ ਦਿੱਤਾ ਮੈਨੂੰ ਮਾਲਾ-ਮਾਲ!
ਚਾਹੇ ਤੂੰ ਹਮੇਸ਼ਾ ਚਿਤਾਰਦੀ ਰਹੀ ਮੇਰੇ ਔਗੁਣ,
ਪਰ ਬਖ਼ਸ਼ਣਹਾਰੀਏ,
ਮੈਂ ਤਾਂ ਰਹਿੰਦੀ ਜ਼ਿੰਦਗੀ ਤੇਰੇ ਗੁਣ ਹੀ ਗਿਣੂੰਗਾ,
ਤੇ ਲਾਈ ਰੱਖੂੰਗਾ ਤੇਰੀ ਮਿੱਠੀ-ਨਿੱਘੀ ਯਾਦ ਨੂੰ
ਹਮੇਸ਼ਾ ਸੀਨੇ ਨਾਲ਼!
.......
ਅੱਜ ਦਿਲ 'ਤੇ 'ਠੱਕ-ਠੱਕ' ਹੋਈ
ਸਮਝ ਨਾ ਆਈ
ਕਿ ਜ਼ਿੰਦਗੀ ਦੇ ਬੂਹੇ 'ਤੇ ਮੁਹੱਬਤ,
ਜਾਂ ਫ਼ਿਰ ਤਬਾਹੀ ਦਸਤਕ ਦੇ ਰਹੀ ਸੀ?
ਪਰ ਅੱਜ ਅਵਾਜ਼ ਦਿੰਦੀ ਮੌਤ ਨੂੰ ਕਿਹਾ,
ਅਜੇ ਮੈਂ ਨਹੀਂ ਮਰਨਾ,
ਕਿਉਂਕਿ ਅਜੇ ਮੈਨੂੰ ਰੋਣ ਵਾਲ਼ਾ ਕੋਈ ਨਹੀਂ...!
ਦਿਲ ਵਿਚ ਬਲ਼ਦੇ ਭਾਂਬੜ ਦਾ ਸੇਕ
ਦਿਲ ਵਿਚ ਬਲਦੇ ਭਾਂਬੜ ਦਾ ਸੇਕ ਕਦੇ ਵੀ,
ਚਿਹਰੇ ਤੱਕ ਨਹੀਂ ਸੀ ਆਉਣ ਦਿੱਤਾ
ਮਨ ਦੀ ਪੀੜ ਤਾਂ ਮੈਂ ਕਦੇ
ਆਪਣੇ ਪ੍ਰਛਾਂਵੇਂ ਤੱਕ ਨਹੀਂ ਪਹੁੰਚਣ ਦਿੱਤੀ
ਪਰ ਦਿਲ ਵਿਚ ਦੱਬੀ ਪੀੜ ਦੇ ਹਾਉਕੇ ਗਿਣਦਾ
ਬਿਤਾ ਦਿੰਦਾ ਹਾਂ ਸਾਰੀ ਰਾਤ!
ਤੈਨੂੰ ਸਿਰੋਪੇ ਵਾਂਗ ਗਲ਼ ਪਾਇਆ ਸੀ ਸ਼ਰਧਾ ਨਾਲ
ਪਰ ਕੀ ਪਤਾ ਸੀ?
ਕਿ ਸਿਰੋਪੇ ਤੋਂ ਸੱਪ ਦਾ ਰੂਪ ਧਾਰਨ ਕਰ ਲਵੇਂਗੀ??
ਹੁਣ ਦੇਖਿਆ ਨਾ ਕਰ ਮੇਰੀ ਮੁਸਕੁਰਾਹਟ ਵੱਲ
ਮੇਰੀ ਅੰਤਰ-ਆਤਮਾਂ ਦੇ ਦਰਦ ਦੇ ਅੰਕੜੇ ਗਿਣਿਆਂ ਕਰ!
ਤੈਨੂੰ ਯਾਦ ਕਰਨ ਤੋਂ ਪਹਿਲਾਂ ਤਾਂ ਕਦੇ
ਰੱਬ ਦਾ ਨਾਂ ਨਹੀਂ ਸੀ ਲਿਆ ਚੰਦਰੀਏ
ਹਾਰ ਜਾਂਦਾ ਸੀ ਥਾਂ-ਥਾਂ, ਤੇਰੀ ਜਿੱਤ ਲਈ
ਤੈਨੂੰ ਉਚਾ ਦੇਖਣ ਲਈ, ਆਪ ਬੌਣਾ ਬਣ ਜਾਂਦਾ ਸੀ!
ਹੁਣ ਵਾਰ-ਵਾਰ ਪੁੱਛਦਾ ਹਾਂ
ਹਾਉਕੇ ਦੀ ਹਿੱਕ ਵਿਚੋਂ ਨਿਕਲ਼ੇ ਇੱਕ ਹੋਰ ਹਾਉਕੇ ਨੂੰ
ਕਿਉਂ ਡਿੱਗਿਆ ਮੈਂ ਮੂਧੇ ਮੂੰਹ ਓਸ ਦੇ ਮਗਰ ਲੱਗ ਕੇ?
ਕਿਉਂਕਿ ਉਡਾਰੀ ਤਾਂ ਮੇਰੀ ਅੰਬਰਾਂ ਨੂੰ ਉਡ ਜਾਣ ਵਾਲੀ ਸੀ!
ਕਦੇ ਹਾਰ ਬਣ ਕੇ ਸ਼ਾਨ ਬਣਦੀ ਸੀ ਮੇਰੇ ਗਲ਼ ਦੀ
ਪਰ ਡੁੱਬ ਜਾਣੀਏਂ,
ਅੱਜ ਤਾਂ ਤੂੰ ਮੇਰੀ ਜਿੰਦਗੀ ਦੀ 'ਹਾਰ' ਬਣ ਤੁਰ ਗਈ!
ਕਦੇ-ਕਦੇ
ਕਦੇ-ਕਦੇ ਆਪਣੀ ਜ਼ਿੰਦਗੀ ਦੇ ਸੁਹਾਣੇ ਪਲਾਂ ਬਾਰੇ ਸੋਚ,
ਦੁਖੀ ਅਤੇ ਨਿਰਾਸ਼ ਹੋ ਜਾਂਦਾ ਹਾਂ
ਰੋਜ਼ ਆਪਣੇ ਹੀ ਖ਼ਿਆਲਾਂ ਨਾਲ਼ ਹੁੰਦੀ ਮੇਰੀ ਅਣ-ਬਣ
ਤੇ ਮੈਂ ਆਪਣੇ ਹੀ ਵਿਚਾਰਾਂ ਨਾਲ਼ ਹੁੰਦਾ ਹੇਠ-ਉੱਤੇ!!
ਕਾਸ਼! ਪੜ੍ਹ ਸਕਦੀ ਤੂੰ ਮੇਰੇ ਦਿਲ ਜਾਂ ਅੰਤਰ-ਆਤਮਾਂ ਨੂੰ
ਮੇਰੇ ਦਿਲ 'ਚੋਂ ਤਾਂ ਕਮਲ਼ੀਏ ਅਵਾਜ਼ ਹੀ 'ਇੱਕ' ਨਿਕਲ਼ਦੀ ਹੈ
...ਤੇ ਉਹ ਹੈ ਤੇਰੀ 'ਬ੍ਰਿਹੋਂ' ਦੀ ਅਵਾਜ਼!
ਸ਼ਿਕਵੇ ਅਤੇ ਸ਼ਕਾਇਤਾਂ ਨਾਲ਼,
ਪੈ ਗਏ ਨੇ ਦਿਲ 'ਤੇ ਛਾਲੇ... ਤੇ ਰੂਹ 'ਤੇ ਅੱਟਣ!
ਬਾਹਰਲਾ ਮੈਨੂੰ ਕੋਈ ਨਾ ਮਾਰ ਸਕਦਾ
ਮਾਰਿਆ ਤਾਂ ਮੈਨੂੰ ਬੁੱਕਲ਼ ਦੇ ਸੱਪਾਂ ਨੇ!!
ਤੇਰੀਆਂ ਵਧੀਕੀਆਂ ਨਾਲ਼ ਰੂਹ 'ਤੇ ਪਈਆਂ ਲਾਸਾਂ
ਤੇ ਆਤਮਾਂ ਤੋਂ ਲੱਥੀਆਂ ਟਾਕੀਆਂ ਨੂੰ, ਲੋਕ-ਲਾਜ ਦੇ ਡਰੋਂ
ਆਪਣੀ ਸ਼ਰਮ ਦੀ ਲੋਈ ਨਾਲ਼ ਹੀ ਢਕ ਲੈਂਦਾ!
ਕਦੇ ਕ੍ਰਿਸਮਿਸ ਆਉਂਦੀ ਤੇ ਕਦੇ ਨਵਾਂ ਸਾਲ,
ਕਦੇ ਵੈਸਾਖੀ ਆਉਂਦੀ ਤੇ ਕਦੇ ਦੀਵਾਲ਼ੀ
ਦੀਵੇ-ਮੋਮਬੱਤੀਆਂ ਦੀ ਹੁੰਦੀ ਭਰਮਾਰ ਅਤੇ ਰੌਸ਼ਨੀ
ਪਰ ਮੇਰਾ ਮਨ ਤਾਂ ਮੱਸਿਆ ਦੀ ਰਾਤ ਵਾਂਗ
ਧੁਆਂਖਿਆ ਹੀ ਰਹਿੰਦਾ...!